ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਨਸ਼ੇ ਦੇ ਕਾਰੋਬਾਰ ਨੂੰ ਵੱਡਾ ਝਟਕਾ ਦਿੱਤਾ ਹੈ। ਪੁਲਿਸ ਨੇ 6 ਕਿਲੋ ਹੈਰੋਇਨ ਅਤੇ 4 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਐਸਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਸ਼ੰਕਰ ਅਤੇ ਸਚਿਨ ਵਜੋਂ ਹੋਈ ਹੈ, ਜੋ ਛੇਹਰਟਾ ਇਲਾਕੇ ਦੇ ਰਹਿਣ ਵਾਲੇ ਹਨ। ਖੁਲਾਸਾ ਹੋਇਆ ਕਿ ਇਹ ਦੋਵੇਂ ਨੌਜਵਾਨ ਯੂਕੇ ਬੈਠੇ ਇੱਕ ਗੈਂਗਸਟਰ ਦੇ ਇਸ਼ਾਰਿਆਂ ‘ਤੇ ਨਸ਼ੇ ਦੀ ਸਪਲਾਈ ਕਰ ਰਹੇ ਸਨ। ਹੁਣ ਤੱਕ ਇਨ੍ਹਾਂ ਵੱਲੋਂ ਲਗਭਗ 10 ਡਿਲੀਵਰੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਹਰ ਡਿਲੀਵਰੀ ਲਈ ਇਹਨਾਂ ਨੂੰ 10 ਹਜ਼ਾਰ ਰੁਪਏ ਮਿਲਦੇ ਸਨ। ਪੁਲਿਸ ਨੇ ਦੱਸਿਆ ਕਿ ਸਚਿਨ ਪਹਿਲਾਂ ਮਲੇਸ਼ੀਆ ਵਿਚ ਰਹਿ ਚੁੱਕਾ ਅਤੇ ਸਲੂਨ ਦਾ ਕੰਮ ਕਰਦਾ ਸੀ। ਪਿਛਲੇ ਚਾਰ ਮਹੀਨਿਆਂ ਤੋਂ ਇਹ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਹੋਏ ਸਨ। ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਕਿ ਡਰੋਨ ਰਾਹੀਂ ਸਰਹੱਦ ਪਾਰ ਤੋਂ ਹੈਰੋਇਨ ਭੇਜੀ ਜਾਂਦੀ ਸੀ ਅਤੇ ਫਿਰ ਇਹਨਾਂ ਨੌਜਵਾਨਾਂ ਵੱਲੋਂ ਅੱਗੇ ਸਪਲਾਈ ਕੀਤੀ ਜਾਂਦੀ ਸੀ। ਐਸਪੀ ਅਦਿਤਿਆ ਵਾਲੀਆ ਨੇ ਕਿਹਾ ਕਿ ਦੋਵੇਂ ਨੌਜਵਾਨਾਂ ਦੇ ਖਿਲਾਫ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਸੀ ਪਰ ਹੁਣ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਹੋਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।