ਅੰਮ੍ਰਿਤਸਰ : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡੀਏਪੀ ਅਤੇ ਯੂਰੀਆ ਖਾਦ ਦੀ ਘਾਟ ਨੂੰ ਲੈ ਕੇ ਕੱਥੂਨੰਗਲ ਦੇ ਵਰਿਆਮ ਟੋਲ ਪਲਾਜ਼ਾ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਟੋਲ ਪਰਚੀ ਮੁਕਤ ਕਰ ਦਿੱਤਾ ਅਤੇ ਸਰਕਾਰ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਹਾਲ ਹੀ ਦੇ ਹੜ੍ਹਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਤਬਾਹ ਕਰ ਦਿੱਤਾ ਹੈ- ਲੱਗਭਗ ਚਾਰ ਲੱਖ ਏਕੜ ਫਸਲ ਨਸ਼ਟ ਹੋ ਗਈ ਹੈ। ਬਾਕੀ ਬਚੀ ਫਸਲ ਵੀ ਮੀਂਹਾਂ ਕਰਕੇ ਅੱਧੀ ਰਹਿ ਗਈ ਹੈ, ਪਰ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਰਾਹਤ ਜਾਂ ਮਦਦ ਨਹੀਂ ਮਿਲੀ। ਹੁਣ ਜਦੋਂ ਕਣਕ ਦੀ ਬਿਜਾਈ ਦਾ ਸਮਾਂ ਆਇਆ ਤਾਂ ਡੀਏਪੀ ਖਾਦ ਦੀ ਗੰਭੀਰ ਕਮੀ ਕਾਰਨ ਕਿਸਾਨ ਮੁਸ਼ਕਿਲਾਂ ‘ਚ ਫਸੇ ਹੋਏ ਹਨ। ਦੁਕਾਨਾਂ ਤੇ ਸੁਸਾਇਟੀਆਂ ਵਿੱਚ ਖਾਦ ਉਪਲਬਧ ਨਹੀਂ, ਜਿਸ ਕਾਰਨ ਕਈ ਕਿਸਾਨ ਮਜਬੂਰੀ ਵਿੱਚ ਮਹਿੰਗੀ ਖਾਦ ਖਰੀਦ ਕੇ ਬਿਜਾਈ ਕਰ ਰਹੇ ਹਨ। ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਖੇਤੀਬਾੜੀ ਦੀ ਬਜਾਏ ਜ਼ਿਮਨੀ ਚੋਣਾਂ ਦੀ ਤਿਆਰੀ ਵਿੱਚ ਰੁੱਝੀ ਹੋਈ ਹੈ, ਜਦਕਿ ਕਿਸਾਨ ਆਪਣੇ ਆਪ ਨੂੰ ਬੇਸਹਾਰਾ ਮਹਿਸੂਸ ਕਰ ਰਹੇ ਹਨ।